
ਮਾਛੀਵਾੜਾ ਲਵਪ੍ਰੀਤ ਖੰਨਾ ਇਥੋਂ ਦੇ ਪਿੰਡ ਹੇਡੋਂ ਦੇ ਵਾਸੀ ਜਸਵੰਤ ਸਿੰਘ (38) ਅਤੇ ਉਸ ਦੀ ਪਤਨੀ ਨੇਹਾ ਰਾਣੀ ਨੇ ਕੱਲ੍ਹ ਸਰਹਿੰਦ ਨਹਿਰ ‘ਚ ਛਾਲ ਮਾਰ ਕੇ ਜਾਨ ਦੇ ਦਿੱਤੀ। ਕਿਸੇ ਵਿਅਕਤੀ ਨੇ ਪੁਲੀਸ ਨੂੰ ਸੂਚਿਤ ਕੀਤਾ ਕਿ ਕਾਰ ਸਰਹਿੰਦ ਨਹਿਰ ਕਿਨਾਰੇ ਖੜ੍ਹੀ ਹੈ। ਸੂਚਨਾ ਮਿਲਦੇ ਹੀ ਪੁਲੀਸ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਦੇਖਿਆ ਕਿ ਕਾਰ ਦੇ ਨੇੜੇ ਚੱਪਲਾਂ ਤੇ ਮੋਬਾਈਲ ਪਿਆ ਸੀ।
ਇਸ ਦੌਰਾਨ ਪਰਿਵਾਰਕ ਮੈਂਬਰ ਵੀ ਦੋਵਾਂ ਦੀ ਭਾਲ ਕਰਦੇ ਹੋਏ ਮੌਕੇ ‘ਤੇ ਪਹੁੰਚ ਗਏ। ਜਸਵੰਤ ਸਿੰਘ ਦੇ ਭਰਾ ਗੁਰਜੰਟ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਤੇ ਭਰਜਾਈ ਕੱਲ੍ਹ ਬਾਅਦ ਦੁਪਹਿਰ ਲਗਪਗ 3:30 ਵਜੇ ਘਰੋਂ ਕਾਰ ‘ਚ ਗਏ ਸਨ। ਕੁਝ ਸਮੇਂ ਬਾਅਦ ਜਾ ਕੇ ਦੇਖਿਆ ਕਿ ਉਨ੍ਹਾਂ ਨੇ ਸਰਹਿੰਦ ਨਹਿਰ ‘ਚ ਛਾਲ ਮਾਰ ਦਿੱਤੀ। ਗੁਰਜੰਟ ਸਿੰਘ ਨੇ ਦੱਸਿਆ ਕਿ ਪਿੰਡ ਦੇ ਦੋ ਤਿੰਨ ਵਿਅਕਤੀ ਉਸ ਦੇ ਭਰਾ ਤੇ ਭਰਜਾਈ ਨੂੰ ਪ੍ਰੇਸ਼ਾਨ ਕਰਦੇ ਸਨ ਕਿਉਂਕਿ ਉਨ੍ਹਾਂ ਕੋਲ ਕੁਝ ਇਤਰਾਜ਼ਯੋਗ ਤਸਵੀਰਾਂ ਜਾਂ ਵੀਡੀਓਜ਼ ਸਨ।
ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਉਸ ਦੇ ਭਰਾ-ਭਰਜਾਈ ਦਾ ਦੂਜੀ ਧਿਰ ਨਾਲ ਅਦਾਲਤ ‘ਚ ਕੇਸ ਚੱਲਦਾ ਸੀ। ਗੁਰਜੰਟ ਸਿੰਘ ਨੇ ਦੋਸ਼ ਲਾਇਆ ਕਿ ਦੋਵਾਂ ਨੇ ਇਨ੍ਹਾਂ ਵਿਅਕਤੀਆਂ ਤੋਂ ਪ੍ਰੇਸ਼ਾਨ ਹੋ ਕੇ ਨਹਿਰ ਵਿੱਚ ਛਾਲ ਮਾਰ ਦਿੱਤੀ। ਅੱਜ ਬਾਅਦ ਦੁਪਹਿਰ ਨਹਿਰ ‘ਚੋਂ ਗੋਤਾਖੋਰਾਂ ਨੇ ਨੇਹਾ ਰਾਣੀ ਦੀ ਲਾਸ਼ ਬਰਾਮਦ ਕਰ ਲਈ ਹੈ ਜਿਸ ਨੂੰ ਪੋਸਟਮਾਰਟਮ ਲਈ ਭਿਜਵਾ ਦਿੱਤਾ, ਜਦੋਂ ਕਿ ਉਸ ਦੇ ਪਤੀ ਜਸਵੰਤ ਸਿੰਘ ਦੀ ਲਾਸ਼ ਹਾਲੇ ਨਹੀਂ ਮਿਲੀ। ਥਾਣਾ ਮੁਖੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਨੇਹਾ ਨੇ 2023 ਵਿੱਚ ਪਿੰਡ ਦੇ ਗੁਰਪ੍ਰੀਤ ਸਿੰਘ ਖ਼ਿਲਾਫ਼ ਘਰ ਆ ਕੇ ਕੁੱਟਮਾਰ ਕਰਨ ਅਤੇ ਅਸ਼ਲੀਲ ਹਰਕਤਾਂ ਕਰਨ ਦਾ ਮਾਮਲਾ ਦਰਜ ਕਰਵਾਇਆ ਸੀ ਜਿਸ ਸਬੰਧੀ ਹੁਣ ਅਦਾਲਤ ‘ਚ ਕੇਸ ਚੱਲ ਰਿਹਾ ਸੀ। ਉਨ੍ਹਾਂ ਕਿਹਾ ਕਿ ਪਰਿਵਾਰਕ ਮੈਂਬਰਾਂ ਅਨੁਸਾਰ ਕੇਸ ਹੀ ਆਤਮ ਹੱਤਿਆ ਦਾ ਕਾਰਨ ਬਣਿਆ। ਪੁਲੀਸ ਅਨੁਸਾਰ ਬਿਆਨ ਦਰਜ ਕਰ ਲਏ ਹਨ ਤੇ ਪੜਤਾਲ ਮਗਰੋਂ ਕਾਰਵਾਈ ਕੀਤੀ ਜਾਵੇਗੀ।