
ਮੋਗਾ (19ਫ਼ਰਵਰੀ) ਜਗਤਾਰ ਸਿੰਘ ਸਰਾਂ ਮੋਗਾ ਦੇ ਧਰਮਕੋਟ ਦੇ ਪਿੰਡ ਪੰਡੋਰੀ ਅਰਾਈਆਂ ਦਾ ਰਹਿਣ ਵਾਲਾ 21 ਸਾਲਾ ਜਸਵਿੰਦਰ ਸਿੰਘ ਆਪਣੇ ਪਰਿਵਾਰ ਦੀ ਗਰੀਬੀ ਦੂਰ ਕਰਨ ਲਈ ਢਾਈ ਮਹੀਨੇ ਪਹਿਲਾਂ ਅਮਰੀਕਾ ਗਿਆ ਸੀ। ਡੇਢ ਏਕੜ ਜ਼ਮੀਨ ਏਜੰਟ ਨੂੰ ਕਰੀਬ 45 ਲੱਖ ਰੁਪਏ ਵਿੱਚ ਵੇਚ ਦਿੱਤੀ ਅਤੇ ਗਹਿਣੇ ਰੱਖ ਲਏ। ਜਸਵਿੰਦਰ ਦੇ ਘਰ ‘ਚ ਉਸਦੇ ਮਾਤਾ-ਪਿਤਾ ਤੋਂ ਇਲਾਵਾ ਦੋ ਛੋਟੇ ਭਰਾ ਅਤੇ ਦੋ ਭੈਣਾਂ ਹਨ।
ਜਸਵਿੰਦਰ ਦੇ ਘਰ ਦੀ ਹਾਲਤ ਵੀ ਬਹੁਤ ਖਰਾਬ ਸੀ। ਪਰਿਵਾਰ ਨੇ ਜਸਵਿੰਦਰ ਤੋਂ ਉਮੀਦ ਲੈ ਕੇ ਉਸ ਨੂੰ ਅਮਰੀਕਾ ਭੇਜਿਆ ਕਿ ਘਰ ਦੀ ਗਰੀਬੀ ਦੂਰ ਹੋ ਜਾਵੇਗੀ ਅਤੇ ਉਸ ਦੀਆਂ ਭੈਣਾਂ ਦੇ ਵਿਆਹ ਹੋ ਜਾਣਗੇ ਪਰ ਇਹ ਨਹੀਂ ਸੀ ਪਤਾ ਕਿ ਜਵਿੰਦਰ ਇਸ ਤਰ੍ਹਾਂ ਭੁੱਖਾ-ਪਿਆਸਾ ਅਤੇ ਇੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋਏ ਜੰਗਲਾਂ ਤੱਕ ਪਹੁੰਚ ਜਾਵੇਗਾ ਅਤੇ ਉੱਥੇ ਹੀ ਫੜਿਆ ਜਾਵੇਗਾ।
ਏਜੰਟ ਨੇ ਉਸ ਨੂੰ ਡੰਕੀ ਦੀ ਮਦਦ ਨਾਲ ਅਮਰੀਕੀ ਬਾਰਡਰ ਪਾਰ ਕਰਵਾਇਆ ਅਤੇ ਜਿਵੇਂ ਹੀ ਉਸ ਨੇ ਬਾਰਡਰ ਪਾਰ ਕੀਤਾ ਤਾਂ ਉਸ ਨੂੰ ਅਮਰੀਕੀ ਪੁਲਿਸ ਨੇ ਫੜ ਲਿਆ ਅਤੇ 18 ਦਿਨ ਹਿਰਾਸਤ ਵਿਚ ਰੱਖਣ ਤੋਂ ਬਾਅਦ ਉਸ ਨੂੰ ਡਿਪੋਰਟ ਕਰ ਦਿੱਤਾ ਗਿਆ। ਹਲਕਾ ਧਰਮਕੋਟ ਤੋਂ ਵਿਧਾਇਕ ਦਵਿੰਦਰ ਸਿੰਘ ਲਾਡੀ ਢੋਸ ਵੀ ਅੱਜ ਉਨ੍ਹਾਂ ਦੇ ਘਰ ਵਿਖੇ ਪੁੱਜੇ ਅਤੇ ਪਰਿਵਾਰ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਅਤੇ ਏਜੰਟ ਤੋਂ ਪੈਸੇ ਵਾਪਸ ਕਰਵਾਉਣ ਦਾ ਵੀ ਭਰੋਸਾ ਦਿੱਤਾ।
ਜਸਵਿੰਦਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੇ ਆਪਣੀ ਜ਼ਮੀਨ ਅਤੇ ਮਕਾਨ ਗਿਰਵੀ ਰੱਖ ਕੇ 45 ਲੱਖ ਰੁਪਏ ਦਾ ਇਕੱਠਾ ਕੀਤਾ ਸੀ ਅਤੇ ਕਈ ਸੁਪਨੇ ਲੈ ਕੇ ਉਹ ਅਮਰੀਕਾ ਗਿਆ ਸੀ। ਉਸ ਨੇ ਕਿਹਾ ਜਦੋਂ ਮੈਂ ਵਾਪਸ ਆਇਆ ਤਾਂ ਮੈਂ ਕਦੇ ਸੋਚਿਆ ਨਹੀਂ ਸੀ ਕਿ ਮੈਂ ਇਸ ਤਰ੍ਹਾਂ ਵਾਪਸ ਆਵਾਂਗਾ। ਅਮਰੀਕਾ ਪੁਲਿਸ ਨੇ ਉਸ ਨੂੰ ਬਾਰਡਰ ਪਾਰ ਕਰਦੇ ਹੋਏ ਫੜਿਆ ਅਤੇ 18 ਦਿਨ ਤੱਕ ਹਿਰਾਸਤ ‘ਚ ਰੱਖਿਆ।
ਦੱਸਿਆ ਜਾ ਰਿਹਾ ਠੰਡ ‘ਚ ਉਸ ਨੂੰ ਕੱਪੜੇ ਵੀ ਨਹੀਂ ਦਿੱਤੇ ਅਤੇ ਜਦੋਂ ਉਨ੍ਹਾਂ ਨੂੰ ਵਾਪਸ ਲਿਆਂਦਾ ਗਿਆ ਤਾਂ ਉਨ੍ਹਾਂ ਦੇ ਹੱਥ-ਪੈਰ 3 ਦਿਨ ਤੱਕ ਸੰਗਲਾਂ ਨਾਲ ਬੰਨ੍ਹ ਕੇ ਜਹਾਜ਼ ‘ਚ ਬਿਠਾ ਦਿੱਤਾ ਅਤੇ ਉਨ੍ਹਾਂ ਨੂੰ ਖਾਣ ਲਈ ਵੀ ਕੁਝ ਨਹੀਂ ਦਿੱਤਾ ਗਿਆ। ਜਦ ਕਿ ਜਸਵਿੰਦਰ ਨੇ ਦੱਸਿਆ ਕਿ ਉਸ ਨੇ ਕਿਹੜੀਆਂ ਮੁਸ਼ਕਿਲਾਂ ਦੇ ਤਹਿਤ 3 ਜੰਗਲ ਪਾਰ ਕੀਤੇ ਅਤੇ ਕਈ ਘੰਟੇ ਜੰਗਲ ਵਿਚ ਪੈਦਲ ਜਾਣਾ ਪਿਆ। ਉਸ ਨੇ ਦੱਸਿਆ ਕਿ ਜੇ ਕੋਈ ਬਿਮਾਰ ਹੋ ਜਾਂਦਾ ਸੀ ਤਾਂ ਉਹ ਉਸ ਨੂੰ ਉੱਥੇ ਹੀ ਛੱਡ ਦਿੰਦੇ ਅਤੇ ਉਸ ਦੀ ਕੁੱਟਮਾਰ ਕਰਦੇ ਸੀ। ਉਨ੍ਹਾਂ ਕਿਹਾ ਕਿ ਹਾਲਤ ਅਜਿਹੀ ਸੀ ਕਿ ਜੰਗਲਾਂ ਵਿੱਚ ਕਈ ਲਾਸ਼ਾਂ ਨਜ਼ਰ ਵੀ ਆਈਆਂ ਸਨ ਅਤੇ ਅਜਿਹੇ ਦ੍ਰਿਸ਼ ਦੀ ਕਦੇ ਕਲਪਨਾ ਵੀ ਨਹੀਂ ਕੀਤੀ ਸੀ।