ਲੁਧਿਆਣਾ ਸਰਾਂ ਸਾਬ ਬਿਊਰੋ: ਅੱਜ ਹਿੰਦੂ ਜਥੇਬੰਦੀਆਂ ਨੇ ਸਥਾਨਕ ਫਿਰੋਜ਼ਪੁਰ ਰੋਡ ‘ਤੇ ਧਰਨਾ ਲਗਾ ਕੇ ਸੜਕ ਪੂਰੀ ਤਰ੍ਹਾਂ ਜਾਮ ਕਰ ਦਿੱਤੀ। ਸੜਕਾਂ ‘ਤੇ ਉਤਰੀਆਂ ਵੱਖ-ਵੱਖ ਹਿੰਦੂ ਜਥੇਬੰਦੀਆਂ ਵਲੋਂ ਸੜਕ “ਤੇ ਲਗਾਏ ਗਏ ਧਰਨੇ ਕਾਰਣ ਵੱਡਾ ਜਾਮ ਲੱਗ ਗਿਆ। ਜਾਮ ਵਿਚ ਐਂਬੂਲੈਂਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਾਹਨ ਸੜਕ ‘ਤੇ ਰੁਕ ਗਏ। ਦਰਅਸਲ 15-20 ਦਿਨ ਪਹਿਲਾਂ ਸ਼ੀਤਲਾ ਮਾਤਾ ਮੰਦਰ ਵਿਚ ਚੋਰੀ ਹੋਈ ਸੀ। ਚੋਰਾਂ ਵਲੋਂ ਨਾ ਸਿਰਫ ਮੁਕਟ ਚੋਰੀ ਕੀਤਾ ਗਿਆ ਸੀ ਸਗੋਂ ਪਵਿੱਤਰ ਸ਼ਿਵਲਿੰਗ ਨੂੰ ਖੰਡਿਤ ਕਰਦਿਆਂ ਬੇਅਦਬੀ ਵੀ ਕੀਤੀ ਗਈ। ਇਸ ਮਾਮਲੇ ਵਿਚ ਪੁਲਸ ਨੇ ਕਾਰਵਾਈ ਕਰਦੇ ਹੋਏ ਚੋਰਾਂ ਖ਼ਿਲਾਫ ਪਰਚਾ ਤਾਂ ਦਰਜ ਕਰ ਲਿਆ ਸੀ ਪਰ ਦੋ ਹਫਤਿਆਂ ਤੋਂ ਵੱਧ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਚੋਰਾਂ ਦੀ ਗ੍ਰਿਫ਼ਤਾਰੀ ਨਾ ਹੋਣ ਕਾਰਣ ਹਿੰਦੂ ਜਥੇਬੰਦੀਆਂ ਵਿਚ ਭਾਰੀ ਰੋਸ ਦੇ ਚੱਲਦਿਆਂ ਅੱਜ ਰੋਡ ਜਾਮ ਕਰ ਦਿੱਤਾ ਗਿਆ। ਹਿੰਦੂ ਜਥੇਬੰਦੀਆਂ ਨੇ ਚੋਰਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਅਤੇ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਇਸ ਮੌਕੇ ਜਾਮ ਕਾਰਣ ਵਾਹਨ ਚਾਲਕਾਂ ਦੀ ਪ੍ਰਦਰਸ਼ਨਕਾਰੀਆਂ ਨਾਲ ਤਿੱਖੀ ਬਹਿਸ ਵੀ ਹੋਈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਤਕ ਪੁਲਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕਰਦੀ ਉਦੋਂ ਤਕ ਉਹ ਪ੍ਰਦਰਸ਼ਨ ਜਾਰੀ ਰੱਖਣਗੇ।