
- ਬਾਘਾ ਪੁਰਾਣਾ 28 ਫਰਵਰੀ (ਜਗਤਾਰ ਸਿੰਘ ਸਰਾਂ) ਬਾਰ ਐਸੋਸੀਏਸ਼ਨ ਬਾਘਾ ਪੁਰਾਣਾ ਦੀ ਚੋਣ ਪ੍ਰਕਿਰਿਆ ਬਾਰ ਕੌਂਸਲ ਪੰਜਾਬ ਅਤੇ ਹਰਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਾਰਵਾਈ ਗਈ । ਜਿਸ ਵਿੱਚ ਪ੍ਰਧਾਨਗੀ ਦੌੜ ਵਿੱਚ ਤਿੰਨ ਉਮੀਦਵਾਰ ਵੱਲੋਂ ਚੋਣ ਲੜਨ ਲਈ ਆਪਣੇ ਕਾਗਜ਼ ਦਾਖਲ ਕੀਤੇ ਗਏ ਸਨ।ਜਿਸ ਵਿੱਚ ਸਾਬਕਾ ਪ੍ਰਧਾਨ ਹਰਜੀਤ ਸਿੰਘ ਬਰਾੜ ਦੇ ਕਾਗਜ਼ ਖ਼ਾਰਜ ਹੋ ਗਏ ਸਨ । ਜਦੋਂ ਕਿ ਪ੍ਰਧਾਨਗੀ ਦੇ ਅਹੁਦੇ ਦੀ ਚੋਣ ਲੜਨ ਲਈ ਮੈਦਾਨ ਵਿੱੱਚ ਰਵਿੰਦਰ ਸਿੰਘ ਬਰਾੜ ਅਤੇ ਓਂਕਾਰ ਸਿੰਘ ਭਲੂਰ ਦਰਮਿਆਨ ਮੁਕਾਬਲਾ ਹੋਇਆ। ਜਿਨ੍ਹਾਂ ਵਿੱਚੋਂ ਰਵਿੰਦਰ ਸਿੰਘ ਬਰਾੜ ਨੇ ਕੁਲ 47 ਵੋਟਾਂ ਵਿੱਚ 38 ਵੋਟਾਂ ਪ੍ਰਾਪਤ ਕੀਤੀਆਂ ਅਤੇ ਓਂਕਾਰ ਸਿੰਘ ਭਲੂਰ ਨੂੰ 16 ਵੋਟਾਂ ਪਈਆਂ ਅਤੇ ਇੱਕ ਵੋਟ ਰੱਦ ਹੋ ਗਈ ਸੀ। ਇਸ ਚੋਣ ਪ੍ਰਕਿਰਿਆ ਵਿੱਚ ਕੁਲ 49 ਵੋਟਰਾਂ ਵਿੱਚੋਂ 47 ਵੋਟਰਾਂ ਨੇ ਅਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ।
ਇਸ ਮੌਕੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਬਾਰ ਕੌਂਸਲ ਪੰਜਾਬ ਅਤੇ ਹਰਿਆਣਾ ਵੱਲੋਂ ਨਿਯੁਕਤ ਕੀਤੇ ਗਏ ਰਿਟਰਨਿੰਗ ਅਫ਼ਸਰ ਐਡਵੋਕੇਟ ਪਵਿੱਤਰ ਸਿੰਘ ਨੇ ਦੱਸਿਆ ਕਿ ਚੋਣ ਪ੍ਰਕਿਰਿਆ ਬੇਹੱਦ ਸ਼ਾਂਤਮਈ ਮਾਹੌਲ ਵਿੱਚ ਸੰਪੂਰਨ ਪਾਰਦਰਸ਼ੀ ਢੰਗ ਕਰਵਾਈ ਗਈ ਹੈ। ਜਿਸ ਵਿੱਚ ਹਰ ਵਿਅਕਤੀ ਨੇ ਆਪਣੀ ਆਪਣੀ ਬਣਦੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਨਿਭਾਈ ਹੈ । ਉਨ੍ਹਾਂ ਦੱਸਿਆ ਕਿ ਸਾਬਕਾ ਪ੍ਰਧਾਨ ਹਰਜੀਤ ਬਰਾੜ ਦੇ ਚੋਣ ਮੈਦਾਨ ਵਿੱਚੋਂ ਬਾਹਰ ਹੋ ਜਾਣ ਨਾਲ ਇਹ ਮੁਕਾਬਲਾ ਆਹਮੋ ਸਾਹਮਣੇ ਦਾ ਸੀ । ਜਿਸ ਵਿੱਚ ਰਵਿੰਦਰ ਸਿੰਘ ਬਰਾੜ 14 ਵੋਟਾਂ ਨਾਲ ਜੇਤੂ ਰਹੇ। ਇਥੇ ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰਜੀਤ ਸਿੰਘ ਬਰਾੜ ਦੇ ਕਾਗਜ਼ ਰੱਦ ਹੋ ਗਏ ਸਨ । ਉਨ੍ਹਾਂ ਕਿਹਾ ਕਿ ਬਾਰ ਕੌਂਸਲ ਪੰਜਾਬ ਅਤੇ ਹਰਿਆਣਾ ਦੇ ਨਿਯਮਾਂ ਅਤੇ ਸ਼ਰਤਾਂ ਮੁਤਾਬਕ ਕੋਈ ਵੀ ਉਮੀਦਵਾਰ ਦੋ ਬਾਰ ਇੱਕੋ ਅਹੁਦੇ ਲਈ ਆਪਣੀਆਂ ਸੇਵਾਵਾਂ ਦੇਣ ਤੋਂ ਬਾਅਦ ਤੀਸਰੀ ਬਾਰ ਚੋਣ ਨਹੀਂ ਲੜੀ ਸਕਦਾ। ਇਸ ਸਬੰਧੀ ਸਾਬਕਾ ਪ੍ਰਧਾਨ ਹਰਜੀਤ ਸਿੰਘ ਬਰਾੜ ਦੀ ਤੀਜੀ ਵਾਰ ਚੋਣ ਲਈ ਦਾਖਲ ਕੀਤੇ ਗਏ ਨਾਮਜ਼ਦਗੀ ਪੱਤਰ ਉਪਰ ਰਵਿੰਦਰ ਸਿੰਘ ਬਰਾੜ ਵੱਲੋਂ ਇਤਰਾਜ਼ ਲਾਇਆ ਗਿਆ ਸੀ। ਜਿਸ ਤਹਿਤ ਸੁਣਵਾਈ ਕਰਦਿਆਂ ਬਾਰ ਕੌਂਸਲ ਪੰਜਾਬ ਅਤੇ ਹਰਿਆਣਾ ਚੰਡੀਗੜ ਵੱਲੋਂ ਉਨ੍ਹਾਂ ਦੇ ਕਾਗਜ਼ ਰੱਦ ਕਰ ਦਿੱਤੇ ਸਨ।ਇਥੇ ਉਨ੍ਹਾਂ ਨੇ ਇਸ ਸਬੰਧੀ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਦਿੱਤੀ ਗਈ ਜਜਮੈਂਟ ਦਾ ਵੇਰਵਾ ਦਿੰਦਿਆਂ ਕਿਹਾ ਕਿ ਬਾਘਾ ਪੁਰਾਣਾ ਬਾਰ ਐਸੋਸੀਏਸ਼ਨ ਦੀ ਚੋਣ ਕਰਵਾਉਣ ਵੇਲੇ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਗਈ।
ਇਸ ਮੌਕੇ ਰਿਟਰਨਿੰਗ ਅਫ਼ਸਰ ਐਡਵੋਕੇਟ ਪਵਿੱਤਰ ਸਿੰਘ ਵੱਲੋਂ ਜੇਤੂ ਉਮੀਦਵਾਰਾਂ ਨੂੰ ਸਰਟੀਫਿਕੇਟ ਵੀ ਤਕਸੀਮ ਕੀਤੇ ਗਏ।
ਤੁਹਾਨੂੰ ਇਹ ਵੀ ਦੱਸ ਦਈਏ ਕਿ ਅਜੈਕਟਿਵ ਬਾਡੀ ਵਿੱਚ ਐਡਵੋਕੇਟ ਸੁਰੇਸ਼ ਗੋਇਲ ਵਾਇਸ ਪ੍ਰਧਾਨ, ਐਡਵੋਕੇਟ ਮਨਜਿੰਦਰ ਸਿੰਘ ਬਰਾੜ ਜਨਰਲ ਸੈਕਟਰੀ, ਐਡਵੋਕੇਟ ਕੇਵਲ ਸਿੰਘ ਯੂਨਿਟ ਸੈਕਟਰੀ ਅਤੇ ਐਡਵੋਕੇਟ ਪ੍ਰਭਪ੍ਰੀਤ ਕੌਰ ਦੀ ਫਾਇਨਾਂਸ ਸੈਕਟਰੀ ਵਜੋਂ ਚੋਣ ਹੋਈ।