
ਮੋਗਾ 20 ਫ਼ਰਵਰੀ ( ਜਗਤਾਰ ਸਿੰਘ ਸਰਾਂ)ਮੋਗਾ ਦੇ ਪਿੰਡ ਕਪੂਰੇ ‘ਚ ਬੀਤੀ ਰਾਤ ਇੱਕ ਘਰ ‘ਤੇ ਸਵਿਫ਼ਟ ਕਾਰ ਸਵਾਰ ਦੋ ਨੌਜਵਾਨਾਂ ਵੱਲੋਂ ਫ਼ਾਇਰਿੰਗ ਕਰਨ ਦੀ ਘਟਨਾ ਸਾਹਮਣੇ ਆਈ ਹੈ, ਇਸ ਘਟਨਾ ‘ਚ ਘਰ ‘ਚ ਕੰਮ ਕਰਨ ਵਾਲੇ ਰਾਜ ਕੁਮਾਰ ਉਰਫ਼ ਬਿੱਟੂ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਜਦਕਿ ਔਰਤ ਹਰਮਨਦੀਪ ਕੌਰ ਜ਼ਖ਼ਮੀ ਹੋ ਗਈ, ਜਿਸ ਨੂੰ ਇਲਾਜ ਲਈ ਮੋਗਾ ਦੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਮੋਗਾ ਪੁਲਿਸ ਦੇ ਉਕਤ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਖ਼ਮੀ ਹਰਮਨਦੀਪ ਕੌਰ ਨੇ ਦੱਸਿਆ ਕਿ ਉਹ ਘਰ ‘ਚ ਕੰਮ ਕਰ ਰਹੀ ਸੀ ਤਾਂ ਇਕ ਸਵਿਫ਼ਟ ਕਾਰ ‘ਚ ਸਵਾਰ ਦੋ ਨੌਜਵਾਨ ਆਏ ਅਤੇ ਉਸ ਦੇ ਪਤੀ ਬਾਰੇ ਪੁੱਛਣ ਲੱਗੇ ਜਦੋਂ ਮੈਂ ਉਨ੍ਹਾਂ ਨੂੰ ਦੱਸਿਆ ਕਿ ਉਹ ਘਰ ਨਹੀਂ ਹੈ ਤਾਂ ਉਨ੍ਹਾਂ ਨੇ ਰਿਵਾਲਵਰ ਕੱਢ ਕੇ ਫ਼ਾਇਰਿੰਗ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਵਿਚੋਂ ਸਾਡੇ ਘਰ ਕੰਮ ਕਰਨ ਵਾਲੇ ਰਾਜ ਕੁਮਾਰ ਜਿਸ ਦੀ ਉਮਰ 30 ਸਾਲ ਦੇ ਕਰੀਬ ਸੀ, ਨੂੰ ਗੋਲੀ ਲੱਗੀ ਤੇ ਉਹ ਡਿੱਗ ਪਿਆ ਤੇ ਇਕ ਗੋਲੀ ਲੱਗਣ ਨਾਲ ਮੈਂ ਜ਼ਖ਼ਮੀ ਹੋ ਗਈ, ਉਸ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਇਹ ਲੋਕ ਕੌਣ ਹਨ, ਸਾਨੂੰ ਇਨਸਾਫ਼ ਦਿਵਾਇਆ ਜਾਵੇ।
ਹਸਪਤਾਲ ਪੁੱਜੇ ਡੀਐਸਪੀ ਲਵਦੀਪ ਸਿੰਘ ਨੇ ਦੱਸਿਆ ਕਿ ਸਵਿਫ਼ਟ ਕਾਰ ਵਿੱਚ ਸਵਾਰ ਪਿੰਡ ਕਪੂਰੇ ਵਾਸੀ ਮਨਜੀਤ ਸਿੰਘ ਦੇ ਘਰ ਕੁਝ ਵਿਅਕਤੀ ਆਏ ਅਤੇ 7-8 ਗੋਲੀਆਂ ਚਲਾਈਆਂ ਜਿਸ ਵਿੱਚ ਇੱਕ ਗੋਲੀ ਇੱਕ ਔਰਤ ਨੂੰ ਲੱਗ ਗਈ ਅਤੇ ਉਸ ਦੇ ਘਰ ਕੰਮ ਕਰਨ ਵਾਲੇ ਰਾਜ ਕੁਮਾਰ ਨੂੰ ਵੀ ਲੱਗੀ ਜਿਸ ਨਾਲ ਉਸ ਦੀ ਮੌਤ ਹੋ ਗਈ।
ਉਨ੍ਹਾਂ ਕਿਹਾ ਕਿ 6 ਜ਼ਿੰਦਾ ਕਾਰਤੂਸ ਵੀ ਬਰਾਮਦ ਕਰ ਲਏ ਹਨ, ਅਸੀਂ ਜਾਂਚ ਕਰ ਰਹੇ ਹਾਂ ਕਿ ਕੋਈ ਅਣਪਛਾਤੇ ਵਿਅਕਤੀ ਸਨ, ਜਿਨ੍ਹਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।